25/09/2019
🌷 : ਹਿੰਦੀ ਨਾਲ ਨਫ਼ਰਤ ਨਹੀਂ, ❤️❤️❤️❤️ਪੰਜਾਬੀ ਨਾਲ ਪਿਆਰ ਹੈ, ਬੱਸ।❤️❤️❤️❤️❤️
ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਦੇਸ਼ ਦੀ ਕੋਈ ਰਾਸ਼ਟਰ ਭਾਸ਼ਾ ਨਹੀਂ ਹੈ। ਹਿੰਦੀ ਵੀ ਨਹੀਂ। ਸੰਵਿਧਾਨ ਦੇ ਸਤਾਰਵੇਂ ਭਾਗ ਵਿੱਚ ਦਰਜ ਆਰਟੀਕਲ 343 ਦਾ ਪਹਿਲਾਂ ਪੁਆਇੰਟ ਸਪਸ਼ਟ ਕਹਿੰਦਾ ਹੈ ਕਿ ਦੇਵਨਾਗਰੀ ਲਿਪੀ ਵਿੱਚ ਹਿੰਦੀ ਸਿਰਫ਼ ਦੇਸ਼ ਵਿੱਚ ਸਰਕਾਰੀ ਕੰਮ-ਕਾਜ ਦੀ ਭਾਸ਼ਾ ਹੈ। ਇਹੀ ਆਰਟੀਕਲ ਅੱਗੇ ਚੱਲ ਕੇ ਸਾਰੇ ਸੂਬਿਆਂ ਨੂੰ ਇਹ ਹੱਕ ਦਿੰਦਾ ਹੈ ਕਿ ਉਹ ਆਪਣੀ ਵੱਖਰੀ ਸਰਕਾਰੀ ਭਾਸ਼ਾ ਨਿਰਧਾਰਿਤ ਕਰ ਸਕਣ। ਦੇਸ਼ ਦੇ ਸਿਰਫ ਨੌਂ-ਦੱਸ ਸੂਬੇ ਹਿੰਦੀ ਪ੍ਰਭਾਵਿਤ ਸੂਬੇ ਕਹੇ ਜਾ ਸਕਦੇ ਹਨ, ਉਨ੍ਹਾਂ ਵਿੱਚ ਵੀ 25% ਤੋਂ ਵਧੇਰੇ ਲੋਕ ਹਿੰਦੀ ਦੀਆਂ ਉਪ-ਬੋਲੀਆਂ ਬੋਲਦੇ ਹਨ। ਠੀਕ ਉਵੇਂ ਜਿਵੇਂ ਅੱਜ ਹਰਿਆਣੇ ਤੇ ਹਿਮਾਚਲ ਵਾਲੇ ਪੰਜਾਬੀ ਦੀਆਂ ਉਪਬੋਲੀਆਂ ਬਾਂਗਰੂ ਤੇ ਡੋਗਰੀ ਬੋਲਦੇ ਹਨ ਪਰ ਕਹਿੰਦੇ ਹਰਿਆਣਵੀ ਤੇ ਹਿਮਾਚਲੀ ਹਨ।
ਸੋ ਜਦੋਂ ਅਮਿਤ ਸ਼ਾਹ ਹੁਰੀ 'ਇੱਕ ਰਾਸ਼ਟਰ ਇੱਕ ਭਾਸ਼ਾ' ਦੀ ਧਮਕੀ ਦਿੰਦੇ ਹਨ ਤਾਂ ਇਸਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਧਮਕੀ ਦੇ ਰਹੇ ਹਨ। ਜਦੋਂ ਕਿ ਅੰਗਰੇਜਾਂ ਦੇ ਜਾਣ ਵੇਲੇ ਅਨੇਕ ਰਿਆਸਤਾਂ ਵਿੱਚ ਵੰਡੇ ਅਜੋਕੇ ਭਾਰਤ ਨੂੰ ਇਕੱਠਾ ਹੀ ਇਸ ਗਰੰਟੀ ਨਾਲ ਕੀਤਾ ਗਿਆ ਸੀ ਕਿ ਭਾਰਤ ਵਿੱਚ ਉਨ੍ਹਾਂ ਦੇ ਧਰਮ, ਸਭਿਆਚਾਰ, ਬੋਲੀ ਅਤੇ ਪਛਾਣ ਨੂੰ ਕੋਈ ਖਤਰਾ ਨਹੀਂ ਹੋਵੇਗਾ। ਸੋ ਜੇ ਪੰਜਾਬੀ ਆਪਣੀ ਸੱਭਿਆਚਾਰਕ ਅਤੇ ਭਾਸ਼ਾਈ ਪਛਾਣ ਲਈ ਅਮਿਤ ਸ਼ਾਹ ਦੇ ਬਿਆਨ ਨੂੰ ਇੱਕ ਖਤਰੇ ਵਜੋਂ ਲੈ ਰਹੇ ਹਨ ਤਾਂ ਇਹ ਗੱਲ ਨਵੇਂ ਬਣੇ ਦੇਸ਼-ਭਗਤਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਅਤੇ ਗੁਰਦਾਸ ਮਾਨ ਨੂੰ ਵੀ। ਇਹ ਠੀਕ ਹੈ ਕਿ ਮਾਨਸਿਕ ਵਿਕਾਸ ਅਤੇ ਸੰਪਰਕ ਲੋੜਾਂ ਲਈ ਮਨੁੱਖ ਨੂੰ ਜਿੰਨੀਆਂ ਜਿਆਦਾ ਭਾਸ਼ਾਵਾਂ ਲਿਖਣੀਆਂ ਪੜ੍ਹਨੀਆਂ ਆਉਂਦੀਆਂ ਹੋਣ, ਚੰਗੀਆਂ ਹਨ ਪਰ ਜੇ ਕਦੇ ਉਹ ਆਪਣੀ ਮਾਂ-ਬੋਲੀ ਦੇ ਵਜੂਦ ਲਈ ਕੋਈ ਸੰਕਟ ਮਹਿਸੂਸ ਕਰੇ ਤਾਂ ਉਸਨੂੰ ਹਰ ਢੰਗ ਨਾਲ ਵਿਰੋਧ ਪ੍ਰਗਟਾਵੇ ਦਾ ਹੱਕ ਹੈ।
ਇਹੋ ਜਿਹੇ ਬਚਗਾਨਾ ਤਰਕ ਵੀ ਸਿਰਿਓਂ ਰੱਦ ਹੋਣ ਵਾਲੇ ਹਨ ਕਿ ਜੇ ਤੁਹਾਡੇ ਬੱਚੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ ਤਾਂ ਤੁਹਾਨੂੰ ਮਾਂ-ਬੋਲੀ ਲਈ ਬੋਲਣ ਦਾ ਅਧਿਕਾਰ ਨਹੀਂ। ਸਕੂਲਾਂ ਵਿੱਚ ਸਿਰਫ਼ ਬੋਲੀਆਂ ਨਹੀਂ ਪੜ੍ਹਾਈਆਂ ਜਾਂਦੀਆਂ। ਬਥੇਰੇ ਵਿਸ਼ੇ ਪੜ੍ਹਾਏ ਜਾਂਦੇ ਹਨ। ਜੇ ਕੋਈ ਬਾਕੀ ਦੇ ਵਿਸ਼ੇ ਬਿਹਤਰ ਢੰਗ ਨਾਲ ਪੜ੍ਹਨ ਲਈ ਕਾਨਵੈਂਟ ਸਕੂਲ ਵਿੱਚ ਜਾਂਦਾ ਹੈ ਤਾਂ ਇਹ ਉਸਦਾ ਹੱਕ ਹੈ। ਕਾਨਵੈਂਟ ਸਕੂਲਾਂ ਵਿੱਚ ਪੜ੍ਹ ਕੇ ਵੀ ਮਾਂ-ਬੋਲੀ ਨੂੰ ਪਿਆਰ ਕੀਤਾ ਜਾ ਸਕਦਾ ਹੈ। ਆਖਿਰ ਮਾਂ-ਬੋਲੀ ਤਾਂ ਮਾਂ ਕੋਲੋਂ ਮਿਲੀ ਹੋਈ ਸੁਗਾਤ ਹੁੰਦੀ ਹੈ। ਕੋਈ ਮੈਡਮਾਂ ਕੋਲ ਜਾ ਕੇ ਮਾਂ ਦੀ ਦਿੱਤੀ ਸੁਗਾਤ ਨੂੰ ਕਿਵੇਂ ਛੱਡ ਦਏਗਾ?
ਕਦੇ ਖੁਸ਼ਵੰਤ ਸਿੰਘ ਨੇ ਕਿਹਾ ਸੀ ਤੇ ਸ਼ਾਇਦ ਯੂਨੈਸਕੋ ਵਰਗੀ ਕਿਸੇ ਸੰਸਥਾ ਨੇ ਵੀ ਇਹ ਖਦਸ਼ਾ ਜਾਹਿਰ ਕੀਤਾ ਸੀ ਕਿ ਪੰਜਾਬੀ ਸਮੇਤ ਕਈ ਭਾਰਤੀ ਖੇਤਰੀ ਭਾਸ਼ਾਵਾਂ ਵੀਹਵੀਂ ਸਦੀ ਵਿੱਚ ਹੀ ਖਤਮ ਹੋ ਜਾਣਗੀਆਂ ਪਰ ਅੰਕੜੇ ਦੱਸਦੇ ਹਨ ਕਿ ਸੰਸਾਰ ਵਿੱਚ ਅੱਜ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪੰਦਰਾਂ ਕਰੋੜ ਹੋ ਚੁੱਕੀ ਹੈ। ਪੰਜਾਬੀ ਸਾਹਿਤ, ਕਲਾ, ਸੰਗੀਤ ਅਤੇ ਫਿਲਮਾਂ ਕਰਕੇ ਲਗਾਤਾਰ ਇਹ ਘੇਰਾ ਫੈਲਦਾ ਜਾ ਰਿਹਾ ਹੈ। ਕਨੇਡਾ-ਆਸਟਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਪੰਜਾਬੀ ਸਰਕਾਰੀ ਤੌਰ 'ਤੇ ਪ੍ਰਵਾਨਿਤ ਭਾਸ਼ਾ ਬਣ ਚੁੱਕੀ ਹੈ।
ਸੁਣਿਆ ਹੈ ਕਿ ਅਮਿਤ ਸ਼ਾਹ ਨੇ ਇਹ ਕਹਿ ਕੇ ਆਪਣਾ ਬਿਆਨ ਵਾਪਿਸ ਲੈ ਲਿਆ ਹੈ ਕਿ ਉਸਨੇ ਲੋਕਾਂ ਨੂੰ ਹਿੰਦੀ ਦੂਜੀ ਭਾਸ਼ਾ ਵਜੋਂ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ। ਚਲੋ, ਉਸਦੀ ਅਪੀਲ ਉੱਤੇ ਵਿਚਾਰ ਕਰ ਲਵਾਂਗੇ ਪਰ ਪੰਜਾਬੀਆਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ। ਜਿੱਥੇ ਕਿਤੇ ਪੰਜਾਬੀ ਦੇ ਹੱਕ ਮਾਰ ਕੇ ਹਿੰਦੀ ਨੂੰ ਅੱਗੇ ਕੀਤਾ ਜਾ ਰਿਹਾ ਹੈ, ਵਿਰੋਧ ਹੁੰਦਾ ਰਹਿਣਾ ਚਾਹੀਦਾ ਹੈ।
ਪੰਜਾਬੀ ਕਲਾਕਾਰ ਚਾਹੁਣ ਤਾਂ ਸਭ ਤੋਂ ਜਿਆਦਾ ਉਹ ਲੋਕਾਂ ਨੂੰ ਪੰਜਾਬੀ ਨਾਲ ਜੁੜਨ ਲਈ ਪ੍ਰੇਰ ਸਕਦੇ ਹਨ। ਆਖਿਰ ਉਹ ਖੱਟੀ ਤਾਂ ਪੰਜਾਬੀ ਦੀ ਹੀ ਖਾਂਦੇ ਹਨ। ਸੋ ਆਪਸ ਵਿੱਚ ਲਲਕਾਰੇ ਮਾਰਨ ਦੀ ਬਜਾਏ ਉਹ ਹਰ ਸਟੇਜ ਤੋਂ ਲੋਕਾਂ ਨੂੰ ਪੰਜਾਬੀ ਹੋਣ ਦੀ ਅਪੀਲ ਕਰਨ। ਗਰੰਟੀ ਹੈ, ਉਨ੍ਹਾਂ ਦੀ ਅਪੀਲ ਅਮਿਤ ਸ਼ਾਹ ਦੀ ਅਪੀਲ ਨਾਲੋਂ ਜਿਆਦਾ ਕਾਰਗਰ ਸਾਬਿਤ ਹੋਵੇਗੀ।